ਨਵੀਂ ਦਿੱਲੀ, 15 ਦਸੰਬਰ, ਨ (ਜਸਵਿੰਦਰ ਸਿੰਘ ਬਿੱਟਾ)- ਦਿੱਲੀ ਵਿੱਚ ਚੋਣ ਤੋਂ ਪਹਿਲਾ ਔਰਤਾਂ ਨੂੰ ਮਹੀਨੇ ਲਈ ਭੱਤਾ ਦੇਣ ਦੇ ਐਲਾਨ ਤੋਂ ਬਾਅਦ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਰਾਜਨੀਤਿਕ ਵਿਅੰਗ ਲਾਉਣ ਦਾ ਸਿਲਸਲਾ ਜਾਰੀ ਹੈ। ਹੁਣ ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਲੈ ਕੇ ਸਵਾਲ ਪੁੱਛੇ ਹਨ। ਵੀਰੇਂਦਰ ਸਚਦੇਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇਕ ਛਲਾਵਾ ਪਾਰਟੀ ਹੈ ਪਰ ਹੁਣ ਉਹਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕਾਠ ਦੀ ਹਾਂਡੀ ਇਕ ਵਾਰ ਚੜ੍ਹਦੀ ਹੈ ਦੋ ਵਾਰ ਨਹੀਂ। ਸਚਦੇਵਾ ਨੇ ਕਿਹਾ ਹੈ ਕਿ ਆਪ ਨੇ ਪਹਿਲਾ ਪੰਜਾਬ ਵਿੱਚ ਅਤੇ ਹੁਣ ਦਿੱਲੀ ਚੋਣਾਂ ਵਿੱਚ ਔਰਤਾਂ ਨੂੰ ਲੁਭਾਉਣ ਦੇ ਲਈ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ ਪਰ ਦਿੱਲੀ ਦੀਆਂ ਔਰਤਾਂ ਗੁੰਮਰਾਹ ਹੋਣ ਵਾਲੀਆਂ ਨਹੀਂ ਹਨ। ਆਮ ਆਦਮੀ ਪਾਰਟੀ ਭੁੱਲ ਗਈ ਹੈ ਕਿ ਪੰਜਾਬ ਚੋਣ ਤੋਂ ਪਹਿਲਾ ਵੀ ਉਹਨਾਂ ਨੇ ਇਹੀ ਵਾਅਦਾ ਕੀਤਾ ਸੀ, ਪਰ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਤਿੰਨ ਸਾਲ ਬਾਅਦ ਵੀ ਔਰਤਾਂ ਨੂੰ ਭੱਤਾ ਦੇਣਾ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਉਹਨਾਂ ਦਾ ਧਿਆਨ ਫਰਵਰੀ 2022 ਦੇ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾ ਕੀਤੇ ਗਏ ਪੰਜ ਐਲਾਨਾ ਦੇ ਵੱਲ ਦਿਵਾਇਆ ਹੈ। ਸਚਦੇਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਸੀ ਦਿੱਲੀ ਵਾਲੇ ਆਸਾਂ ਕਰਦੇ ਹਾਂ ਕਿ ਆਪਣੇ ਪੰਜਾਬ ਵਿੱਚ ਔਰਤਾਂ ਨੂੰ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਗਿਆ। ਕਿਉਂਕਿ 2022 ਦੇ ਪੰਜਾਬ ਵਿਧਾਨਸਭਾ ਚੋਣ ਵਿੱਚ ਆਪ ਨੇ ਇਹ ਵਾਅਦਾ ਕੀਤਾ ਸੀ। ਸਚਦੇਵਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਤਿੰਨ ਸਵਾਲ ਵੀ ਪੁੱਛੇ ਹਨ। ਪਹਿਲਾ ਸਵਾਲ, ਕੀ ਪੰਜਾਬ ਸਰਕਾਰ ਫਰਵਰੀ 2022 ਵਿੱਚ ਕੀਤੀ ਗਈ ਘੋਸ਼ਣਾ ਅਨੁਸਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣਾ ਸ਼ੁਰੂ ਕਰ ਦਿੱਤਾ ਹੈ। ਦੂਸਰਾ ਸਵਾਲ, ਪੰਜਾਬ ਵਿੱਚ ਔਰਤਾਂ ਨੂੰ ਮਹੀਨਾ ਭੱਤਾ ਦੇਣ ਦੀ ਯੋਜਨਾ ਦਾ ਕੀ ਨਾਮ ਹੈ। ਤੀਸਰਾ ਸਵਾਲ, ਪੰਜਾਬ ਸਰਕਾਰ ਨੇ ਆਖ਼ਰੀ ਵਾਰ ਪੰਜਾਬ ਦੀਆਂ ਔਰਤਾਂ ਨੂੰ ਮਹੀਨਾ ਭੱਤਾ ਕਦੋਂ ਦਿੱਤਾ ਸੀ। ਝੂਠੇ ਵਾਅਦੇ ਕਰਕੇ ਗੁੰਮਰਾਹ ਕਰ ਰਹੀ ਆਪ : ਦੇਵੇਂਦਰ ਯਾਦਵ ਦਿੱਲੀ ਕਾਂਗਰਸ ਪ੍ਰਧਾਨ ਦੇਵੇਂਦਰ ਯਾਦਵ ਨੇ ਇਲਜ਼ਾਮ ਲਗਾਇਆ ਹੈ ਕਿ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕਰਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਐਲਾਨ ਦਾ ਆਧਾਰ ਦੱਸਣਾ ਚਾਹੀਦਾ। ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਦਾ ਭਰੋਸਾ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਨਾਂ ਤੋਂ ਹੀ ਉੱਠ ਚੁੱਕਿਆ ਹੈ। ਜਨਤਾ ਦੀ ਹਮਦਰਦੀ ਲੈਣ ਦੇ ਲਈ ਦੋਨਾਂ ਪਾਰਟੀਆਂ ਇਕ ਦੂਜੇ ਨਾਲ ਲੜਨ ਦਾ ਦਿਖਾਵਾ ਕਰ ਰਹੀਆਂ ਹਨ।








