ਐਡਮਿੰਟਨ : ਕੈਨੇਡਾ ਨੇ ਕੌਮਾਂਤਰੀ ਸਟਡੀ ਪਰਮਿਟ ਦੀ ਗਿਣਤੀ ਘਟਾਉਣ ਤੇ ਵਰਕ ਪਰਮਿਟ ਯੋਗਤਾ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ 2025 ਤੋਂ ਲਾਗੂ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀਰਵਾਰ ਨੂੰ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਦੇ ਪ੍ਰਬੰਧਾਂ ਤੇ ਕਾਮਿਆਂ ਦੀ ਘਾਟ ਪੂਰੀ ਕਰਨ ਦੇ ਉਦੇਸ਼ ਨਾਲ ਕਈ ਇਮੀਗ੍ਰੇਸ਼ਨ ਸੁਧਾਰਾਂ ਦਾ ਐਲਾਨ ਕੀਤਾ। ਨਵੇਂ ਐਲਾਨਾਂ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਚ 10 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਸਰਕਾਰ ਦੀ ਯੋਜਨਾ 2024 ਦੀ 485,000 ਪਰਮਿਟਾਂ ਦੀ ਸਾਲਾਨਾ ਹੱਦ ਘਟਾ ਕੇ 2025 ’ਚ 437,000 ਕਰਨ ਦੀ ਹੈ। ਇਹ ਹੱਦ ਘੱਟੋ-ਘੱਟ 2026 ਤੱਕ ਬਰਕਰਾਰ ਰੱਖੀ ਜਾਵੇਗੀ। ਇਸੇ ਤਰ੍ਹਾਂ ਸਰਕਾਰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ’ਚ ਸੋਧ ਦੀ ਵੀ ਯੋਜਨਾ ਬਣਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਲੇਬਰ ਮਾਰਕੀਟ ਦੀਆਂ ਮੰਗਾਂ ਨਾਲ ਸੰਤੁਲਨ ਬਣਾ ਸਕੇ। ਵਰਤਮਾਨ ’ਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਲਈ ਯੋਗ ਹਨ। ਉਹ ਕੈਨੇਡਾ ’ਚ ਰਹਿ ਕੇ ਕੰਮ ਕਰ ਸਕਦੇ ਹਨ ਪਰ ਨਵੇਂ ਨਿਯਮ ਸਖ਼ਤ ਹੋਣ ਕਾਰਨ ਅਜਿਹਾ ਸੰਭਾਵ ਨਹੀਂ ਹੋ ਸਕੇਗਾ। ਇਹ ਫ਼ੈਸਲਾ ਕੈਨੇਡਾ ਦੇ ਹਾਊਸਿੰਗ ਸੰਕਟ ਤੇ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਹੱਲ ਕਰਨ ਲਈ ਵੱਧ ਰਹੇ ਜਨਤਕ ਦਬਾਅ ਤੋਂ ਬਾਅਦ ਲਿਆ ਗਿਆ ਹੈ।









