ਅੰਮ੍ਰਿਤਸਰ15 ਦਸੰਬਰ (ਵਿਸ਼ਵ ਪੰਜਾਬੀ ਪੰ ਸਾਂਝ ਕੈਨੇਡਾ)- ਇੰਟਰਨੈੱਟ ਮੀਡੀਆ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਫ਼ਰਜ਼ੀ ਖਾਤਾ ਬਣਾਇਆ ਗਿਆ ਹੈ। ਇਸ ਫਰਜ਼ੀ ਖਾਤੇ ‘ਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ‘ਤੇ ਫ਼ਰਜ਼ੀ ਪੇਜ ਬਣਾ ਕੇ ਵੱਖ-ਵੱਖ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਪੋਸਟ ‘ਤੇ ਨੀਵੇਂ ਪੱਧਰ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜਥੇਦਾਰ ਨੇ ਸੰਗਤਾਂ ਨੂੰ ਅਜਿਹੇ ਫ਼ਰਜ਼ੀ ਪੇਜਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਖਾਤੇ ਵਿਚ ਪੋਸਟ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇੰਨੀਆਂ ਗਿਰੀਆਂ ਤੇ ਨੀਚ ਹਰਕਤਾਂ ‘ਤੇ ਉੱਤਰ ਆਓਗੇ, ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ। ਉਨ੍ਹਾਂ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ‘ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਥੱਲੇ ਤਾਂ ਸਮੁੰਦਰ ‘ਚ ਟਾਇਟੈਨਿਕ ਨਹੀਂ ਡਿੱਗਿਆ ਜਿੰਨੇ ਤੁਸੀਂ ਡਿੱਗ ਪਏ। ਬੱਸ ਇਨ੍ਹਾਂ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ । ਗੁਰੂ ਪਿਆਰਿਓ ਇਨ੍ਹਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ।
ਸ੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਪਣੇ ਸੋਸ਼ਲ ਖਾਤੇ ਵਿਚ ਲਿਖਿਆ ਕਿ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਅਕਾਲੀ ਦਲ ਨਵੇਂ ਆਗੂ ਪੈਦਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਮੌਜੂਦਾ ਅਖੌਤੀ ‘ਅਕਾਲੀ ਲੀਡਰ’ ਆਮ ਸਿੱਖਾਂ ਵਿਚ ਗੁੰਡਿਆਂ ਦੇ ਟੋਲੇ ਵਾਂਗ ਬਣਦੇ ਜਾ ਰਹੇ ਹਨ। ਜਿਸ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਹੇਰਾਫੇਰੀ ਕੀਤੀ ਜਾ ਰਹੀ ਹੈ, ਕੁਆਰਟਰ ਖਾਲੀ ਕਰਵਾਏ ਗਏ ਹਨ, ਜਾਅਲੀ ਖਾਤੇ ਬਣਾਏ ਗਏ ਹਨ, ਤੁਸੀਂ ਆਪਣੀ ਅਸਲ ਕਾਬਲੀਅਤ ਦਾ ਸਬੂਤ ਦਿੱਤਾ ਹੈ। ਬਾਕੀ ਰਹੀ ਕਸਰ ਸ੍ਰੋਮਣੀ ਕਮੇਟੀ ਪ੍ਰਧਾਨ ਦੀ ਗੰਦੀ ਜ਼ੁਬਾਨ ਨੇ ਕੱਢ ਦਿੱਤੀ। ਲੋਕ ਗੁਰਦੁਆਰੇ ਗੁਨਾਹ ਮਾਫ ਕਰਨ ਆਉਂਦੇ ਹਨ, ਇਨ੍ਹਾਂ ਥਾਵਾਂ ‘ਤੇ ਬੈਠ ਕੇ ਗੁਨਾਹ ਕਰੋਗੇ ਤਾਂ ਮਾਫ਼ੀ ਮੰਗਣ ਜਾਂ ਪਛਤਾਉਣ ਲਈ ਕਿੱਥੇ ਜਾਓਗੇ ਸੁਣਿਆ ਹੈ ਕਿ ਨਿੱਜੀ ਖਰਚੇ ‘ਤੇ ਸਾਰਾ ਕੰਮ ਹੋ ਰਿਹਾ ਹੈ।








