
Autumn in Canada : ਐਡਮਿੰਟਨ ਤੋਂ ਲੈ ਕੇ ਵੈਨਕੂਵਰ ਤੱਕ ਬਾਈ ਰੋਡ ਜਾਂਦਿਆਂ ਰੁੱਖਾਂ ’ਤੇ ਰੰਗੀਲੀ, ਫਬੀਲੀ, ਨਸ਼ੀਲੀ ਅਹਿਮੀਅਤ ਵੇਖ ਕੇ ਰੂਹ ਆਨੰਦਿਤ ਹੋ ਜਾਂਦੀ ਹੈ| ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੁਦਰਤ ਨੇ ਸਾਰੀ ਸੁੰਦਰਤਾ ਪਤਝੜ ਵਿਚ ਵਿਭਾਜਨ ਕਰ ਦਿੱਤੀ ਹੋਵੇ| ਜਿਸ ਤਰ੍ਹਾਂ ਕੁਦਰਤੀ ਮੁਸੱਵਰ ਨੇ ਅਮੂਰਤ ਬਿੰਬਾਂ ਦਾ ਵਿਆਪਕ ਯਥਾਰਥ ਚਿੱਤਰਣ ਕੀਤਾ ਹੋਵੇ|
ਬਹਾਰ ਨਾਲੋਂ ਵੀ ਖੂਬਸੂਰਤ ਹੈ ਕੈਨੇਡਾ ਵਿਚ ਪਤਝੜ (Autumn in Canada) ਦਾ ਰੁਮਾਂਚਿਕ ਮੌਸਮ| ਇੱਥੇ ਪਤਝੜ ਸਤੰਬਰ ਮਹੀਨੇ ਦੇ ਦੂਸਰੇ ਹਫਤੇ ਤੋਂ ਵੱਖ-ਵੱਖ ਰੰਗਾਂ ਦੀ ਸਿਰਜਣਾਤਮਿਕ ਦਿ੍ਸ਼ਾਵਲੀ (Creative vision) ਦਾ ਢੋਲ ਵਜਾਅ ਦਿੰਦੀ ਹੈ| ਕੈਨੇਡਾ ਦੇ ਲੈਂਡ ਸਕੇਪਿੰਗ ਦੇ ਮਾਹਿਰ ਵਿਗਿਆਨੀਆਂ ਨੇ ਕਈ ਪ੍ਰਕਾਰ ਦੀਆਂ ਜਾਤੀਆਂ, ਸਵਰੂਪਾਂ, ਅਕਾਰਾਂ, ਪ੍ਰਕਾਰਾਂ ਦੇ ਰੁੱਖਾਂ ਨੂੰ ਇਸ ਵਿਉਂਤਬੰਦੀ ਨਾਲ ਸੜਕਾਂ, ਝੀਲਾਂ, ਨਹਿਰਾਂ, ਚੌਂਕਾਂ, ਜੰਗਲਾਂ ਦੁਆਲੇ, ਪਰਬਤਾਂ ਵਿਚ ਲਗਾਇਆ ਹੈ ਕਿ ਰੁੱਖਾਂ ਦੀ ਤਰਤੀਬ, ਤਾਮੀਰ, ਤਾਸੀਰ, ਦਿਸ਼ਾ, ਉਚੀ-ਨੀਵੀਂ ਤਕਸੀਮ ਸ਼ੈਲੀ ਨੂੰ ਇਸ ਖ਼ੂਬਸੂਰਤ ਪ੍ਰਯੋਗਮਈ ਖੋਜਮਈ ਢੰਗ ਨਾਲ ਸ਼ਿਲਪਗਤ ਕੀਤਾ ਹੈ ਕਿ ਅੱਖਾਂ ਜਦ ਇਨ੍ਹਾਂ ਸੁੰਦਰ ਰੰਗ-ਬਿਰੰਗੇ ਰੱਖਾਂ ਨੂੰ ਦੇਖਦੀਆਂ ਹੋਈਆਂ, ਦਿਲ, ਦਿਮਾਗ਼, ਰੂਹ ਵਿਚ ਪ੍ਰਵੇਸ਼ ਕਰਦੀਆਂ ਹਨ ਤਾਂ ਰੰਗਾਂ ਦੀ ਨਵੀਨ ਵਿਰਾਸਤ, ਰੰਗਾਂ ਦਾ ਸਭਿਆਚਾਰ ਸ਼ੋਖੀਆਂ ਵਿਚ ਤਬਦੀਲ ਹੋ ਕੇ ਸਵਰਣਯੁਗ ਵਿਚ ਆ ਜਾਂਦਾ ਹੈ|









